Wednesday, October 2, 2019

ਅੱਗ ਦੇ ਵਸਤਰ

ਅਸਾਂ ਅੱਗ ਦੇ ਵਸਤਰ ਪਾਉਣੇ ਨੇ ,ਨਜ਼ਦੀਕ ਨਾ ਹੋ
ਅਸਾਂ ਧਰਤ ਆਕਾਸ਼ ਜਲਾਉਣੇ ਨੇ ਨਜ਼ਦੀਕ ਨਾ ਹੋ

ਮੈਨੂੰ ਸ਼ੀਸ਼ੇ ਨੇ ਠੁਕਰਾ ਕੇ ਪਥਰ ਕੀਤਾ ਹੈ
ਹੁਣ ਮੈਂ ਸ਼ੀਸ਼ੇ ਤਿੜਕਾਉਣੇ ਨੇ ਨਜ਼ਦੀਕ ਨਾ ਹੋ

ਜਾਹ ਤੈਥੋਂ ਮੇਰਾ ਸਾਥ ਨਿਭਾਇਆ ਜਾਣਾ ਨਹੀਂ
ਮੇਰੇ ਰਸਤੇ ਬੜੇ ਡਰਾਉਣੇ ਨੇ ਨਜ਼ਦੀਕ ਨਾ ਹੋ

ਅਸਾਂ ਸੱਜਣਾ ਦੀ ਗਲਵੱਕੜੀ ਦਾ ਨਿਘ ਮਾਣ ਲਿਆ
ਹੁਣ ਦੁਸ਼ਮਣ ਗਲੇ ਲਗਾਉਣੇ ਨੇ ਨਜ਼ਦੀਕ ਨਾ ਹੋ

ਅਸੀਂ ਜਿਨ੍ਹੀ ਰਾਹੀਂ ਤੁਰਨਾ ,ਓਥੇ ਸੱਜਣਾ ਨੇ
ਸੁਖ ਨਾਲ ਅੰਗੇਆਰ ਵਿਛਾਉਣੇ ਨੇ ਨਜ਼ਦੀਕ ਨਾ ਹੋ

ਅਸਾਂ ਕਤਰਾ ,ਦਰਿਆ ,ਸਾਗਰ ਹੋਣਾ ਸਹਿਰਾ ਤੋਂ
ਅਸਾਂ ਖੇਲ ਅਨੇਕ ਰਚਾਉਣੇ ਨੇ ਨਜ਼ਦੀਕ ਨਾ ਹੋ

...ਤਰਲੋਕ ਜੱਜ

ਘਾਹ

ਪਾਸ਼

ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ਤੇ ਅੱਗ ਆਵਾਂਗਾ।
ਬੰਬ ਸੁੱਟ ਦਿਓ ਭਾਵੇਂ ਵਿਸ਼ਵਵਿਦਿਆਲੇ ਤੇ
ਬਿਨਾ ਦਿਓ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ
ਮੈਨੂੰ ਕੀ ਕਰੋ ਗੇ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ ਤੇ ਅੱਗ ਆਵਾਂਗਾ।
ਬੁੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ ਚ ਮੁਕਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ।।।
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫੇਰ ਕਿਸੇ ਟਿਕਟ ਕੱਟ ਤੋਂ ਪੁੱਛਣ ਗਿਆਂ
ਇਹ ਕਿਹੜੀ ਥਾਂ ਹੈ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿਥੇ ਹਰੇ ਘਾਹ ਦਾ ਜੰਗਲ਼ ਹੈ।
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ਤੇ ਅੱਗ ਆਵਾਂਗਾ

ਸਭ ਤੋਂ ਖ਼ਤਰਨਾਕ

ਪਾਸ਼

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ – ਬੁਰਾ ਤਾਂ ਹੈ
ਕਚੀਚੀ ਵੱਟ ਕੇ ਬੱਸ ਵਕਤ ਕੱਢ ਜਾਣਾ – ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ ‘ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।

ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।

ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ ।

ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜਿਊਂਦੀ ਰੂਹ ਦਿਆਂ ਆਕਾਸ਼ਾਂ ‘ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ ‘ਤੇ

ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ ‘ਚ ਖੁੱਭ ਜਾਵੇ ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ

ਤਾਹਿਰਾ ਸਿਰਾ

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ
ਜੇ ਕਰ ਮੇਰੀ ਵੀ ਏ ਕੀ ਮੈਂ ਤੇਰੀ ਨਈਂ?

ਉਹ ਕਹਿੰਦਾ ਏ ਪਿਆਰ ਤੇ ਜੰਗ ਵਿਚ ਜ਼ਾਇਜ਼ ਏ ਸਭ
ਮੈਂ ਕਹਿਣੀ ਆਂ ਊਂ ਹੂੰ ਹੇਰਾਫੇਰੀ ਨਈਂ

ਕਸਰਾਂ ਡਰਦਾ ਘੁਣ ਖਾ ਜਾਂਦਾ ਏ ਨਿੰਦਰ ਨੂੰ
ਤੂੰ ਕੀ ਜਾਨੈਂ ਤੇਰੇ ਘਰ ਜੋ ਬੇਰੀ ਨਈਂ

ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ
ਕੀ ਕਹਿਣਾ ਐਂ! ਜਿੰਨੀ ਹੋਈ ਬਥੇਰੀ ਨਈਂ?

ਤਾਹਿਰਾ ਪਿਆਰ ਦੀ ਖ਼ੋਰੇ ਕਿਹੜੀ ਮੰਜ਼ਿਲ ਏ
ਸਭ ਕੁੱਝ ਮੇਰਾ ਏ ਪਰ ਮਰਜ਼ੀ ਮੇਰੀ ਨਈਂ

ਮਾੜੇ ਦੀ ਤਕਦੀਰ ਵਗੈਰਾ

ਸਾਬਰ ਅਲੀ ਸਾਬਰ

ਮਾੜੇ ਦੀ ਤਕਦੀਰ ਵਗ਼ੈਰਾ
ਮੁੱਲਾਂ ਪੰਡਤ ਪੈਰ ਵਗ਼ੈਰਾ

ਜੇ ਕਰ ਮਿਰਜ਼ੇ ਸੌਂ ਜਾਵਣ ਤੇ
ਟੁੱਟ ਜਾਂਦੇ ਨੇਂ ਤੀਰ ਵਗ਼ੈਰਾ

ਗ਼ੈਰਤ ਗ਼ੈਰਤ ਕਰਦੇ ਮਰ ਗਏ
ਕਿੰਨੇ ਖ਼ਾਨ ਸ਼ਮੀਰ ਵਗ਼ੈਰਾ

ਜੇ ਕਰ ਇਸ਼ਕ ਦੇ ਰਾਹ ਪੈਣਾ ਈ
ਸਾਹਿਬਾਨ! ਤੇਰੇ ਵੀਰ ਵਗ਼ੈਰਾ?

ਉਰਦੂ ਗ਼ਜ਼ਲ ਵੀ ਠੀਕ ਏ ਸਾਬਰ
ਹਾਂ ਉਹ ਗ਼ਾਲਿਬ ਮੇਰ ਵਗ਼ੈਰਾ

ਮੈਂ ਕਿਹਾ! ਇਹ ਕੋਈ ਗੱਲ ਤੇ ਨਹੀਂ ਨਾ

ਸਾਬਰ ਅਲੀ ਸਾਬਰ

ਮੈਂ ਕਿਹਾ! ਇਹ ਕੋਈ ਗੱਲ ਤੇ ਨਹੀਂ ਨਾ
ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ

ਮੇਰੇ ਦਿਲ ਵਿਚੋਂ ਨਿਕਲ ਵੀ ਸਕਨਾਏਂ
ਦਿਲ ਕੋਈ ਦਲਦਲ ਤੇ ਨਹੀਂ ਨਾ

ਠੀਕ ਏ! ਮੇਰੀ ਛਾਂ ਵਿਰਲੀ ਏ
ਸਿਰ ਤੇ ਅੰਬਰ ਵੱਲ ਤੇ ਨਹੀਂ ਨਾ

ਮੈਂ ਕਹਿਣਾਂ ਲਹੂ ਇਕੋ ਜਿਹੇ ਨੇਂ
ਉਹ ਕਹਿੰਦਾ ਏ ਖੱਲ ਤੇ ਨਹੀਂ ਨਾ

ਇਸ਼ਕ ਤੋਂ ਮੈਂ ਅਣਜਾਣ ਈ ਸਹੀ ਪ੍ਰ
ਤੈਨੂੰ ਵੀ ਕੋਈ ਵੱਲ ਤੇ ਨਹੀਂ ਨਾ

ਮੰਨਿਆ ਬੰਦੇ ਇਕੋ ਜਿਹੇ ਨਹੀਂ
ਤੇਰੇ ਗਲ ਵਿਚ ਟਲ਼ ਤੇ ਨਹੀਂ ਨਾ

ਮੈਂ ਦੁਨੀਆ ਤੋਂ ਬਾਗ਼ੀ ਸਾਬਰ
ਤੂੰ ਦੁਨੀਆ ਦੇ ਵੱਲ ਤੇ ਨਹੀਂ ਨਾ?

ਜਿਹੜੇ ਦਿਨ ਦੇ ਰਾਹ ਬਦਲੇ ਨੇ

ਜਿਹੜੇ ਦਿਨ ਦੇ ਰਾਹ ਬਦਲੇ ਨੇਂ
ਸੱਜਣ ਅੰਨ੍ਹੇਵਾਹ ਬਦਲੇ ਨੇਂ

ਜਦ ਵੀ ਆਲੀ ਜਾਹ ਬਦਲੇ ਨੇਂ
ਗੱਲ ਨਈਂ ਬਦਲੇ, ਫਾਹ ਬਦਲੇ ਨੇਂ

ਉਹੋ ਤਾਪ ਤੇ ਉਹੀ ਖੰਘਾਂ
ਮੌਸਮ ਕੀ ਸੁਆਹ ਬਦਲੇ ਨੇਂ

ਲੱਖਾਂ ਵਰ੍ਹਿਆਂ ਤੋਂ ਇਹ ਰੀਤ ਏ
ਹੋ ਕੇ ਲੋਕ ਤਬਾਹ ਬਦਲੇ ਨੇਂ

ਕੁੱਝ ਹੋਕੇ ਕੁੱਝ ਹਾਵਾਂ ਬਣ ਗਏ
ਮੈਂ ਸਾਬਰਆਂ, ਸਾਹ ਬਦਲੇ ਨੇਂ

#ਸਾਬਰ ਅਲੀ ਸਾਬਰ